ਪੰਜਾਬ ਦੀਆਂ ਜੇਲਾਂ ਵਿੱਚੋਂ 6 ਮਹੀਨਿਆਂ ਦੌਰਾਨ 3600 ਫੋਨ ਬਰਾਮਦ ਕੀਤੇ - ਬੈਂਸ
- ਮੁਖਤਿਆਰ ਅੰਸਾਰੀ ਨਹੀਂ ਚੰਗੇ ਆਚਰਨ ਵਾਲੇ ਕੈਦੀਆਂ ਨੂੰ ਮਿਲਣਗੀਆਂ ਸਹੂਲਤਾਂ
ਅੰਮਿ੍ਤਸਰ, 20 ਅਕਤੂਬਰ ( ਬਿਊਰੋ )
ਜੇਲ੍ਹ ਮੰਤਰੀ ਸ ਹਰਜੋਤ ਸਿੰਘ ਬੈਂਸ ਨੇ ਅੱਜ ਅੰਮਿ੍ਤਸਰ ਕੇਂਦਰੀ ਜੇਲ੍ਹ ਵਿੱਚ ਅਚਨਚੇਤ ਛਾਪਾ ਮਾਰਕੇ ਜਿੱਥੇ ਜੇਲ੍ਹ ਪ੍ਬੰਧਨ ਦੀ ਸਮੀਖਿਆ ਕੀਤੀ, ਉਥੇ ਕੈਦੀਆਂ ਨਾਲ ਗੱਲਬਾਤ ਕਰਕੇ ਜੇਲ੍ਹ ਵਿੱਚ ਕੀਤੇ ਜਾਂਦੇ ਵਿਵਹਾਰ ਦੇ ਵੇਰਵੇ ਲਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਨ੍ਹਾਂ ਦੱਸਿਆ ਕਿ ਜੇਲ ਮੰਤਰੀ ਬਣਨ ਦੇ 6 ਮਹੀਨਿਆਂ ਦੌਰਾਨ ਜੇਲ੍ਹ ਸੁਧਾਰ ਲਈ ਕੀਤੇ ਗਏ ਯਤਨਾਂ ਸਦਕਾ ਹੁਣ ਤੱਕ 3600 ਦੇ ਕਰੀਬ ਮੋਬਾਈਲ ਫੋਨ ਜੇਲ੍ਹਾਂ ਵਿੱਚੋਂ ਬਰਾਮਦ ਕੀਤੇ ਜਾ ਚੁੱਕੇ ਹਨ। ਉਨ੍ਹਾਂ ਅੱਜ ਹੀ ਅੰਮਿ੍ਤਸਰ ਜੇਲ੍ਹ ਵਿੱਚ ਕੰਧ ਤੋਂ ਪਾਰ ਸੁੱਟੇ ਗਏ ਲਿਫਾਫੇ ਵਿਖਾਉਂਦੇ ਦੱਸਿਆ ਕਿ ਇਸ ਤਰ੍ਹਾਂ ਜੇਲ੍ਹ ਵਿੱਚ ਮੋਬਾਈਲ ਅਤੇ ਨਸ਼ਾ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਛੇਤੀ ਹੀ ਜੇਲਾਂ ਵਿੱਚ ਆਰ ਐਫ ਤਕਨਾਲੋਜੀ, ਜੋ ਕਿ ਮੋਬਾਈਲ ਨੈਟਵਰਕ ਜਾਮ ਕਰਨ ਵਾਲੀ ਦੁਨੀਆਂ ਦੀ ਅਤਿ ਆਧੁਨਿਕ ਤਕਨੀਕ ਹੈ, ਦੀ ਵਰਤੋਂ ਕਰਨ ਜਾ ਰਹੇ ਹਾਂ, ਜਿਸ ਨਾਲ ਜੇਲ੍ਹ ਵਿੱਚੋਂ ਮੋਬਾਈਲ ਦੀ ਵਰਤੋਂ ਪੂਰਨ ਰੂਪ ਵਿੱਚ ਬੰਦ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਤਕਨੀਕ ਵਰਤਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਹਰੇਕ ਜੇਲ੍ਹ ਵਿਚ ਬਾਡੀ ਸਕੈਨਰ ਨਾਲ ਕੈਦੀਆਂ ਦੀ ਤਲਾਸ਼ੀ ਸ਼ੁਰੂ ਹੋ ਜਾਵੇਗੀ ਅਤੇ ਅਤਿ ਸੁਰੱਖਿਅਤ ਸੈਲ ਜਿੱਥੇ ਗੈਂਗਸਟਰ ਕੈਦ ਹਨ, ਦੇ ਹਿੱਸੇ ਉਪਰ ਲੋਹੇ ਦੀ ਜਾਅਲੀ ਲਗਾਈ ਜਾਵੇਗੀ, ਤਾਂ ਜੋ ਕੋਈ ਮੋਬਾਈਲ ਜਾਂ ਹੋਰ ਸਮਾਨ ਬਾਹਰੋਂ ਨਾ ਆ ਸਕੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਗੈਂਗਸਟਰਾਂ ਦੀ ਰੋਜ਼ਾਨਾ ਦੋ ਵਾਰ ਤਲਾਸ਼ੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਤਲਾਸ਼ੀ ਲੈਣ ਵਾਲੀ ਟੀਮ ਨੂੰ ਵੀ ਲਗਾਤਾਰ ਬਦਲਿਆ ਜਾ ਰਿਹਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਪੰਜਾਬ ਦੀ ਇੱਛਾ ਅਨੁਸਾਰ ਨਿਕਟ ਭਵਿਖ ਵਿੱਚ ਪੰਜਾਬ ਦੀਆਂ ਜੇਲ੍ਹਾਂ ਮੋਬਾਈਲ ਅਤੇ ਨਸ਼ਾ ਮੁੱਕਤ ਹੋਣਗੀਆਂ।
ਸ ਬੈਂਸ ਨੇ ਦੱਸਿਆ ਕਿ ਸਾਡੇ ਵੱਲੋਂ ਹਰੇਕ ਜੇਲ ਦੇ ਕਰਵਾਏ ਸਰਵੇਖਣ ਅਨੁਸਾਰ 33000 ਦੇ ਕਰੀਬ ਕੈਦੀਆਂ ਵਿੱਚੋਂ 46 ਫੀਸਦੀ ਨਸ਼ੇ ਦੇ ਆਦੀ ਹਨ ਜਿੰਨਾ ਵਿੱਚੋਂ ਸਵੈ ਇੱਛਾ ਨਾਲ ਨਸ਼ਾ ਛੱਡਣ ਦੇ ਚਾਹਵਾਨਾਂ ਦੀ ਗਿਣਤੀ ਭਾਵੇਂ ਨਾਂਹ ਦੇ ਬਰਾਬਰ ਹੈ, ਪਰ ਅਸੀਂ ਇਸ ਕੰਮ ਨੂੰ ਮਿਸ਼ਨ ਵਜੋਂ ਸ਼ੁਰੂ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਜੇਲ੍ਹਾਂ ਨੂੰ ਸੁਧਾਰ ਘਰ ਵਜੋਂ ਤਿਆਰ ਕੀਤਾ ਜਾ ਰਿਹਾ ਹੈ, ਜਿਸ ਕੋਸ਼ਿਸ਼ ਵਜੋਂ ਚੰਗੇ ਆਚਰਣ ਵਾਲੇ ਕੈਦੀਆਂ ਨੂੰ ਪਰਿਵਾਰਕ ਮਿਲਣੀ ਵਰਗੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਸ ਬੈਂਸ ਨੇ ਦੱਸਿਆ ਕਿ ਸਾਡੀ ਕੋਸ਼ਿਸ਼ ਹੈ ਕਿ ਕੈਦੀਆਂ ਨੂੰ ਹੁਨਰਮੰਦ ਅਤੇ ਸਿਹਤਮੰਦ ਬਣਾ ਕੇ ਘਰਾਂ ਨੂੰ ਭੇਜੀਏ। ਉਨ੍ਹਾਂ ਦੱਸਿਆ ਕਿ ਇਸ ਕੋਸ਼ਿਸ਼ ਸਦਕਾ ਹੀ ਅੰਮਿ੍ਤਸਰ ਜੇਲ੍ਹ ਵਿੱਚ ਸਾਰੇ ਕੈਦੀ ਜੇਲ੍ਹ ਨੂੰ ਰੰਗ ਕਰ ਰਹੇ ਹਨ।
ਉਨ੍ਹਾਂ ਕਿਹਾ ਹੁਣ ਸਾਡੀਆਂ ਜੇਲ੍ਹਾਂ ਵਿੱਚ ਮੁਖਤਾਰ ਅੰਸਾਰੀ ਵਰਗੇ ਅਪਰਾਧੀ ਲੋਕ ਆਪਣੀ ਤਾਕਤ ਨਾਲ ਐਸ਼ ਨਹੀਂ ਕਰ ਸਕਦੇ, ਬਲਕਿ ਚੰਗੇ ਆਚਰਨ ਵਾਲੇ ਕੈਦੀਆਂ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜੇਲ ਸੁਧਾਰ ਵਿਚ ਅੜਿੱਕਾ ਬਣਨ ਵਾਲੇ ਚਾਹੇ ਸਾਡਾ ਅਧਿਕਾਰੀ ਹੋਵੇ, ਰਾਜਸੀ ਵਿਅਕਤੀ ਹੋਵੇ ਜਾਂ ਸਾਡੇ ਕੋਈ ਹੋਰ ਮੁਲਾਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ। ਸ ਬੈਂਸ ਨੇ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਅਤੇ ਹੋਰ ਅਪਰਾਧੀ ਬਿਰਤੀ ਵਾਲੇ ਲੋਕਾਂ ਨੂੰ ਸਾਂਭਣ ਲਈ ਜੇਲ ਸਟਾਫ ਵੱਲੋਂ ਦਿੱਤੀ ਜਾ ਰਹੀ ਡਿਊਟੀ ਦੀ ਸਰਾਹਨਾ ਕਰਦੇ ਚੰਗੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਪਿੱਠ ਥਾਪੜੀ। ਉਨ੍ਹਾਂ ਦੱਸਿਆ ਕਿ ਸਟਾਫ ਦੀ ਕਮੀ ਪੂਰੀ ਕਰਨ ਲਈ 800 ਜੇਲ ਵਾਰਡਨ ਦੀ ਸਿਖਲਾਈ ਚੱਲ ਰਹੀ ਹੈ ਅਤੇ 800 ਹੋਰ ਵਾਰਡਨ ਦੀ ਭਰਤੀ ਛੇਤੀ ਸ਼ੁਰੂ ਕੀਤੀ ਜਾ ਰਹੀ ਹੈ। ਇਸ ਮੌਕੇ ਜੇਲ੍ਹ ਸੁਪਰਡੈਂਟ ਸੁਰਿੰਦਰ ਸਿੰਘ ਅਤੇ ਡਿਪਟੀ ਜੇਲ੍ਹ ਸੁਪਰਡੈਂਟ ਜੈਦੀਪ ਸਿੰਘ ਤੇ ਰਾਜਾ ਨਵਦੀਪ ਸਿੰਘ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਜੇਲ ਮੰਤਰੀ ਨੇ ਅਚਨਚੇਤ ਮਾਰਿਆ ਅੰਮਿ੍ਤਸਰ ਕੇਂਦਰੀ ਜੇਲ੍ਹ ਵਿੱਚ ਛਾਪਾ, ਵੇਖੋ ਕਿਥੇ ਕਿਥੇ ਲੁਕਾਏ ਸਨ ਮੋਬਾਈਲ
Reviewed by Khabar Har Pal India
on
October 20, 2022
Rating:
No comments: