ਰਾਸ਼ਟਰੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਪੂਰਬੀ ਰੇਲਵੇ ਵੱਲੋਂ ਵੱਡਾ ਫੈਸਲਾ, ਯੂਟਿਊਬਰਾਂ ਅਤੇ ਬਲੌਗਰਾਂ ਲਈ ਹਦਾਇਤ ਜਾਰੀ
ਰਾਸ਼ਟਰੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਪੂਰਬੀ ਰੇਲਵੇ ਵੱਲੋਂ ਵੱਡਾ ਫੈਸਲਾ, ਯੂਟਿਊਬਰਾਂ ਅਤੇ ਬਲੌਗਰਾਂ ਲਈ ਹਦਾਇਤ ਜਾਰੀ
ਕੋਲਕਾਤਾ – ਰਾਸ਼ਟਰੀ ਸੁਰੱਖਿਆ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ, ਪੂਰਬੀ ਰੇਲਵੇ ਨੇ ਰੇਲਵੇ ਸਟੇਸ਼ਨਾਂ 'ਤੇ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ 'ਤੇ ਸਖ਼ਤੀ ਨਾਲ ਰੋਕ ਲਗਾਉਣ ਦਾ ਐਲਾਨ ਕੀਤਾ ਹੈ। ਰੇਲਵੇ ਨੇ ਯੂਟਿਊਬਰਾਂ ਅਤੇ ਬਲੌਗਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਟੇਸ਼ਨਾਂ ਦੇ ਵੀਡੀਓ ਜਾਂ ਤਸਵੀਰਾਂ ਨਾ ਬਣਾਉਣ। ਅਧਿਕਾਰੀਆਂ ਨੇ ਕਿਹਾ ਕਿ ਹੁਣ ਸਟੇਸ਼ਨਾਂ 'ਤੇ ਨਿਗਰਾਨੀ ਹੋਰ ਵਧਾਈ ਜਾਵੇਗੀ ਤਾਂ ਜੋ ਕੋਈ ਵੀ ਸੰਵੇਦਨਸ਼ੀਲ ਜਾਣਕਾਰੀ ਲੀਕ ਨਾ ਹੋ ਸਕੇ।
ਯੂਟਿਊਬਰ ਜਯੋਤੀ ਮਲ੍ਹੋਤਰਾ ਮਾਮਲੇ ਤੋਂ ਬਾਅਦ ਵਧੀ ਸਖ਼ਤੀ
ਇਹ ਸਖ਼ਤ ਚੇਤਾਵਨੀ ਉਹ ਸਮੇਂ ਆਈ ਹੈ ਜਦੋਂ ਹਰਿਆਣਾ ਦੀ ਇੱਕ ਯੂਟਿਊਬਰ ਜਯੋਤੀ ਮਲ੍ਹੋਤਰਾ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਨੂੰ ਸੰਵੇਦਨਸ਼ੀਲ ਜਾਣਕਾਰੀ ਦੇਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਮਲ੍ਹੋਤਰਾ ਨੇ ਆਪਣੇ ਵੀਲੌਗ ਵਿਚ ਪੂਰਬੀ ਰੇਲਵੇ ਖੇਤਰ ਦੇ ਸਿਆਲਦਹ ਸਟੇਸ਼ਨ ਅਤੇ ਦੱਖਣੇਸ਼ਵਰ ਮੰਦਰ ਸਮੇਤ ਕਈ ਥਾਵਾਂ ਦੀ ਯਾਤਰਾ ਨੂੰ ਕਵਰ ਕੀਤਾ ਸੀ। ਇਸ ਘਟਨਾ ਤੋਂ ਬਾਅਦ ਰੇਲਵੇ ਪ੍ਰਸ਼ਾਸਨ ਹੋਰ ਜ਼ਿਆਦਾ ਚੌਕਸ ਹੋ ਗਿਆ ਹੈ।
ਕਈ ਯੂਟਿਊਬਰ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ
ਪੂਰਬੀ ਰੇਲਵੇ ਦੇ ਪ੍ਰਵਕਤਾ ਨੇ ਸਾਫ ਕੀਤਾ ਕਿ ਸਟੇਸ਼ਨ ਕੰਪਲੈਕਸ ਅਤੇ ਪਲੇਟਫਾਰਮ 'ਤੇ ਫੋਟੋਗ੍ਰਾਫੀ ਪਹਿਲਾਂ ਤੋਂ ਹੀ ਪਾਬੰਦੀਹਤ ਹੈ, ਪਰ ਹੁਣ ਸੁਰੱਖਿਆ ਅਲਰਟ ਨੂੰ ਦੇਖਦਿਆਂ ਨਿਗਰਾਨੀ ਅਤੇ ਸਖ਼ਤੀ ਹੋਰ ਵਧਾਈ ਜਾ ਰਹੀ ਹੈ। ਉਨ੍ਹਾਂ ਕਿਹਾ, "ਕਈ ਯੂਟਿਊਬਰ ਅਤੇ ਬਲੌਗਰ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਅਤੇ ਸਟੇਸ਼ਨਾਂ ਦੇ ਵੀਡੀਓ ਬਣਾਕੇ ਸੋਸ਼ਲ ਮੀਡੀਆ 'ਤੇ ਚਾਢ ਰਹੇ ਹਨ, ਜੋ ਕਿ ਸੁਰੱਖਿਆ ਦੇ ਨਜ਼ਰੀਏ ਤੋਂ ਬਹੁਤ ਹੀ ਚਿੰਤਾਜਨਕ ਗੱਲ ਹੈ।"
ਖਾਸ ਇਜਾਜ਼ਤ ਨਾਲ ਹੀ ਮੀਡੀਆ ਨੂੰ ਮਨਜ਼ੂਰੀ
ਪ੍ਰਵਕਤਾ ਨੇ ਅੱਗੇ ਕਿਹਾ ਕਿ ਜੇਕਰ ਕੋਈ ਮੀਡੀਆ ਜਾਂ ਨਿਊਜ਼ ਚੈਨਲ ਕਿਸੇ ਵਿਸ਼ੇਸ਼ ਸਮਾਰੋਹ ਦੀ ਕਵਰੇਜ ਕਰਨਾ ਚਾਹੇ ਤਾਂ ਉਨ੍ਹਾਂ ਨੂੰ ਖਾਸ ਇਜਾਜ਼ਤ ਮਿਲ ਸਕਦੀ ਹੈ, ਪਰ ਆਮ ਨਾਗਰਿਕਾਂ ਨੂੰ ਸਟੇਸ਼ਨ ਦੀਆਂ ਤਸਵੀਰਾਂ ਜਾਂ ਵੀਡੀਓ ਲੈਣ ਦੀ ਇਜਾਜ਼ਤ ਨਹੀਂ ਹੋਵੇਗੀ।
ਹੁਣ ਰੋਕ ਹੋਰ ਸਖ਼ਤੀ ਨਾਲ ਲਾਗੂ ਕੀਤੀ ਜਾਵੇਗੀ
ਪੂਰਬੀ ਰੇਲਵੇ ਨੇ ਸਾਫ ਕੀਤਾ ਕਿ ਇਹ ਰੋਕ ਪਹਿਲਾਂ ਤੋਂ ਲਾਗੂ ਸੀ, ਪਰ ਹੁਣ ਦੇ ਹਾਲਾਤ ਨੂੰ ਦੇਖਦਿਆਂ ਇਸਨੂੰ ਦੁਹਰਾਇਆ ਜਾ ਰਿਹਾ ਹੈ ਅਤੇ ਹੋਰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ। ਰੇਲਵੇ ਪ੍ਰਸ਼ਾਸਨ ਨੇ ਕਿਹਾ ਕਿ ਇਹ ਪਾਬੰਦੀ ਦੇਸ਼ ਭਰ ਦੇ ਸਾਰੇ ਰੇਲ ਮੰਡਲਾਂ ਅਤੇ ਸੈਕਸ਼ਨਾਂ 'ਤੇ ਇੱਕੋ ਤਰ੍ਹਾਂ ਲਾਗੂ ਰਹੇਗੀ ਅਤੇ ਇਸ ਦੀ ਪੂਰੀ ਪਾਲਣਾ ਯਕੀਨੀ ਬਣਾਈ ਜਾਵੇਗੀ।
ਇਸ ਕਦਮ ਦਾ ਮਕਸਦ ਰੇਲਵੇ ਦੇ ਸੰਵੇਦਨਸ਼ੀਲ ਢਾਂਚੇ ਦੀ ਸੁਰੱਖਿਆ ਨਿਸ਼ਚਿਤ ਕਰਨੀ ਹੈ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ ਦੇ ਰਾਹੀਂ ਰਾਸ਼ਟਰੀ ਸੁਰੱਖਿਆ 'ਤੇ ਖ਼ਤਰਾ ਨਾ ਪੈਦਾ ਹੋਵੇ।

No comments: